Wednesday 29 August 2018

ਮੈਂ ਠੇਕੇਦਾਰ ਹਾਂ

ਮੈਂ ਠੇਕੇਦਾਰ ਹਾਂ 

ਠੇਕੇਦਾਰ !
ਕਾਹਦਾ ਠੇਕੇਦਾਰ ?
ਕਰਮ ਦਾ ?

ਨਹੀਂ ਮੂਰਖਾ 
ਕਰਮ ਤਾਂ ਸਿਰਫ 
ਮੇਹਨਤ ਕਸ਼ੀ 
ਗਰੀਬ ਤੇ ਲਾਚਾਰ 
ਲੋਕਾਂ ਲਈ  ਹੈ 
ਮੇਰੇ ਲਈ ਨਹੀਂ 
ਮੈਂ ਮਿਹਨਤ ਕਿਓਂ ਕਰਾਂ 
ਮੇਰੇ ਕੋਲ ਤਾਂ 
ਗਿੱਦੜਸਿੰਗੀ ਹੈ ਗਿੱਦੜਸਿੰਗੀ

ਗਿੱਦੜਸਿੰਗੀ !

ਜੀ ਹਾਂ 
ਠੇਕੇਦਾਰੀ ਦੀ ਗਿੱਦੜਸਿੰਗੀ

 ਫੇਰ ਦੱਸ ਨਾਂ 
ਤੂੰ ਠੇਕੇਦਾਰ ਕਾਹਦਾ?

ਮੈਂ 
ਮੈਂ ਸਿਰਫ  ਠੇਕੇਦਾਰ  ਹਾਂ 
ਨਾਂ ਮੈਂ   ਹੱਡ  ਵਾਹੁਨਾ 
ਨਾਂ  ਦਿਮਾਗ ਵਰਤਦਾਂ 
ਬੱਸ ਚੰਗਾ ਖਾਨਾ  
ਤੇ ਚੰਗਾ ਪਹਿਨਦਾਂ 

ਠੀਕ ਹੈ ਪਰ 
ਤੂੰ ਕਰਦਾ ਕੀ ਐਂ ?

ਮੈਂ  
ਮੈਂ ਬੱਸ 
ਭੋਲੇ ਭਾਲੇ  ਲੋਕਾਂ ਨੂੰ 
ਭੰਬਲਭੂਸੇ ਚ ਪਾਉਨਾ  
ਉਹਨਾਂ ਨੂੰ 
ਰੱਬ ਦੇ ਨਾਂ 
ਤੇ ਡਰਾਕੇ 
ਉਹਨਾਂ ਦੀ 
ਲਾਚਾਰੀ ਦਾ 
ਫਾਇਦਾ ਉਠਾਉਨਾ 
ਉਹਨਾਂ ਦੀ  
ਹੱਕ ਸੱਚ ਦੀ ਕਮਾਈ  ਚੋਂ 
ਆਪਣਾ ਹਿੱਸਾ ਵੰਡਾਉਨਾ 
ਲੋੜ ਪਵੇ ਤਾਂ 
ਉਹਨਾਂ ਨੂੰ ਉਂਗਲ ਦੇਕੇ 
ਦੂਜਿਆਂ ਨਾਲ ਲੜਾਉਨਾ 
ਤੇ ਆਪਣੀ 
ਜੈ ਜੈ ਕਾਰ  ਕਰਾਉਨਾ  

ਤੈਨੂੰ ਕੋਈ ਫ਼ਰਕ  ਨੀਂ ਪੈਂਦਾ 
ਇਹਨਾਂ ਦੀ ਜਿੰਦਗੀ 
ਨਾਲ ਖਿਲਵਾੜ ਕਰਕੇ?

ਫ਼ਰਕ 
ਕਿਹੜਾ ਫ਼ਰਕ 
ਮੈਨੂੰ ਕੋਈ ਫਰਕ ਨੀਂ ਪੈਂਦਾ 
ਕੌਣ ਭੁੱਖਾ ਹੈ 
ਕੌਣ ਨੰਗਾ ਹੈ 
ਕੌਣ ਮਾੜਾ ਤੇ 
ਕੌਣ ਚੰਗਾ ਹੈ 
ਕੌਣ ਜਿਉਂਦਾ 
ਤੇ ਕੌਣ ਮਰਦਾ, 
ਮੈਂ ਤਾਂ ਸਿਫ਼ਰ
ਆਪਣੇ ਧਰਮ ਦੀ 
ਸੇਵਾ ਕਰਦਾਂ 
ਕਿਉਂ ਕੇ ਮੈਂ ਠੇਕੇਦਾਰ ਹਾਂ 
 ਠੇਕੇਦਾਰ 
ਸਿਰਫ ਧਰਮ ਦਾ 
 ਠੇਕੇਦਾਰ 

 ਹਰ ਜੀ 11/07/2017

ਸ਼ਬਦ ਗੁਰੂ



ਪੜੋ ਵਿੱਦਿਆ ਵਿਚਾਰੀ ਕਰੋ ਪ੍ਰਉਪਕਾਰੀ
ਇਹੀ ਸ਼ਬਦ ਗੁਰੂ ਹੈ ਬਾਬਾ ਸਮਝਾ ਗਿਆ

ਬਿਨਾ ਗਿਆਨ ਦੇ ਨੀਂ ਬੰਦਾ ਕਦੇ ਬਣਦਾ ਮਨੁੱਖ
ਬਾਬਾ ਇਹੀ ਗੱਲ ਸਕੂਲੇ ਪਾਧੇ ਨੂੰ ਪੜ੍ਹਾ ਗਿਆ

ਨਾਂ ਦਿਖਾਵੇ ਵਿੱਚ ਬਾਬੇ ਕਦੀ ਕੀਤਾ ਸੀ ਯਕੀਨ
ਲਾਹ ਕੇ ਜਨੇਊੂ ਪੰਡਤ ਨੂੰ ਭੰਬਲ਼ਭੂਸੇ ਪਾ ਗਿਆ

ਜਿਹੜ੍ਹਾ ਕੰਮ ਕਰੋ, ਕਰੋ ਪੂਰਾ ਮਨ ਲਾਕੇ ਸਦਾ
ਵਿੱਚ ਮਸੀਤੇ ਕਾਜ਼ੀ ਦੇ ਪੱਲੇ ਬਾਬਾ ਪਾ ਗਿਆ

ਦਸਾਂ ਨੌਹਾਂ ਦੀ ਕਮਾਈ ਕਰੋ  ਤੇ ਛਕੋ ਵੰਡ ਕੇ
ਤਾਹਿਓਂ ਢਲਦੀ ਉਮਰੇ ਬਾਬਾ ਹਲ਼ ਖੇਤਾਂ ਚ ਵਾਹ ਗਿਆ

ਰੱਬ ਵਸਦਾ ਨੀ ਦੁਆਰੇ ਹੈ ਮਜੂਦ ਹਰ ਥਾਂ ਤੇ
ਤਾਹਿਓਂ ਲੰਮਾ ਪੈ ਕੇ ਬਾਬਾ ਮੱਕੇ ਨੂੰ ਘੁਮਾ ਗਿਆ

ਕੀਤੀ ਪੂਜਾ ਦੀ ਮੁਖਾਲ਼ਫਤ ਸਦਾ ਹੀ ਬਾਬੇ ਨੇ
ਪਾਣੀ ਸੂਰਜ ਤੋਂ ਰੋਕ ਖੇਤਾਂ ਨੂੰ ਦੁਆ ਗਿਆ

ਤਕੜੇ ਦੀ ਨਾਂ ਕਦੇ ਬਾਬੇ ਕੀਤੀ ਸੀ ਪਰਵਾਹ
ਭਾਗੋ ਛੱਡ ਰੋਟੀ ਲਾਲੋ ਦੇ ਘਰੇ ਖਾ ਗਿਆ

ਸਾਦਾ ਖਾਕੇ ਸਾਦਾ ਰਹਿ ਕੇ ਹੱਥੀਂ ਕਰਕੇ ਕਮਾਈ
ਰਹਿਣਾ ਸਦਾ ਕਿੰਝ ਖੁਸ਼ ਬਾਬਾ ਸਮਝਾ ਗਿਆ

ਬਚਣਾ ਝੂਠ ਤੇ ਫਰੇਬ ਦੇ ਲੁਟੇਰਿਆਂ ਤੋਂ ਕਿੰਝ
ਤਾਹੀਂ ਸ਼ਬਦ ਗੁਰੂ ਦੇ ਲੜ ਬਾਬਾ ਲਾ ਗਿਆ

ਨਾਂ ਡੰਡਾ ਤਲਵਾਰ ਇੱਕੋ ਤਰਕ ਵਾਲਾ ਹਥਿਆਰ
ਵਰਤ ਸਾਰਿਆਂ ਨੂੰ ਬਾਬਾ ਵੇਖੋ ਵਾਹਣੀ ਪਾ ਗਿਆ

ਹਰ ਜੀ ੧੨/੦੭/੨੦੧੫

ਸੰਤੋਖ ਕੰਗ

ਇੱਕ ਸੰਤੋਖ ਕੰਗ ਸੀ
ਯਾਰਾਂ ਦਾ ਯਾਰ ਸੀ
ਪਰ ਮਸਤ ਮਲੰਗ ਸੀ
ਸਦਾ ਹਸਦਾ ਹੀ  ਰਹਿੰਦਾ ਸੀ
ਅਕਸਰ ਪੋਲੀਆਂ ਪੋਲੀਆਂ
ਉਹ ਛੱਡਦਾ  ਹੀ ਰਹਿੰਦਾ ਸੀ
ਕਰਨਾ ਹੋਵੇ ਕੰਮ ਕੋਈ ਵੀ
ਹੁੰਦਾ ਉਹ ਸਭ ਤੋਂ ਅੱਗੇ ਸੀ
ਪੜਾਈ ਦੇ ਨਾਲ ਨਾਲ
ਪਿੰਡ ਜਾਕੇ ਉਹ ਹੱਕਦਾ ਰਿਹਾ ਢੱਗੇ ਸੀ
ਬੱਚੇ  ਕਹਿੰਦੇ ਪਾਪਾ
ਸਕੇਟ ਬੋਰਡ ਲੈ ਕੇ ਆਓ  ਤੁਸੀਂ
ਕਹਿੰਦਾ ਪਹਿਲਾਂ  ਮੇਰੇ ਵਾਲੇ ਉੱਤੇ
ਚੜ੍ਹ ਕੇ ਦਿਖਾਓ ਤੁਸੀਂ
ਕਾਰ ਚ ਬਿਠਾ ਕੇ
ਜੁਆਕਾਂ ਨੂੰ  ਪਿੰਡ  ਸੀ ਉਹ  ਲੈ  ਗਿਆ
ਬਲਦ ਖੋਲ ਚੱਕ ਪੰਜਾਲੀ
ਖੇਤ ਜਾਕੇ ਬਹਿ ਗਿਆ
ਜੋੜ ਕੇ ਸੁਹਾਗੀ ਕਹਿੰਦਾ
ਇਸ ਤੇ ਦਿਖਾਓ ਖੜ  ਕੇ
ਲੈਣਾ ਜੇ ਸਕੇਟ ਬੋਰਡ
ਸੁਹਾਗੀ ਉੱਤੇ ਦਿਖਾਓ ਚੜ੍ਹ ਕੇ
ਖੁਸ਼ ਮਿਜ਼ਾਜ਼ ਬੰਦਾ ਪੂਰਾ
ਯਾਰਾਂ ਦਾ  ਯਾਰ ਸੀ
ਵੱਡੇ ਛੋਟੇ ਸਭ ਦਾ
ਸਦਾ ਕਰਦਾ ਸਤਿਕਾਰ ਸੀ
ਤੁਰ ਗਿਆ ਅੱਗੇ
ਲਿਖਣ ਅਗਲੀ ਕਹਾਣੀ ਨੂੰ
ਛੱਡ ਵਿਲਖਦੇ ਬਾਲਾਂ ਤੇ
ਰੋਂਦੇ ਰੂਹ ਦੇ ਹਾਣੀ ਨੂੰ
ਖੁਸ਼ੀਆਂ ਹੀ ਵੰਡੇਂਗਾ
ਯਾਰਾ ਤੂੰ ਜਿਥੇ ਵੀ ਜਾਵੇਂਗਾ
ਅਪਣੀਆਂ ਗੱਲਾਂ ਨਾਲ
ਚਿੱਤ ਸਭ ਦਾ ਲਾਵਾਵੇਂਗਾ
ਬੀਤੇ ਜਿਹੜੇ ਪਲ ਚੰਗੇ
ਚੇਤੇ ਆਉਂਦੇ ਰਹਿਣਗੇ
ਯਾਦ ਕਰ ਤੈਨੂੰ
ਹੰਝੂ ਅੱਖੀਆਂ  ਚੋਂ  ਬਹਿਣਗੇ

ਹਰ ਜੀ 27/07/2017

ਸੰਤੋਖ ਕੰਗ

ਦੋ ਦਿਨ ਹੋਗੇ ਅੱਖਾਂ ਚੋਂ ਪਾਣੀ ਨੀਂ ਸੁੱਕਿਆ
ਬਹੁਤੀ ਦੇਰ ਵਗਿਆ ਥੋੜੀ ਦੇਰ ਰੁਕਿਆ
ਪਤਾ ਨੀਂ ਕਿਹੜਾ ਸੋਮਾ ਫੁੱਟਿਆ
ਜਿਹੜਾ ਹੁਣ ਤੱਕ ਨੀ ਇਹ ਮੁੱਕਿਆ
ਪਹੁੰਚ ਜਾਂਦਾ ਮਨ ਸਦਾ ਹੀ ਉੱਥੇ
ਜਿੱਥੇ  ਮੁਲਾਕਾਤ ਸ਼ੁਰੂ ਹੋਈ ਸੀ
ਮਿਲੇ ਸਾਂ  ਉਦੋਂ ਬਹੁਤ ਹੱਸੇ  ਸੀ
ਅੱਜ ਪਤਾ ਨੀ ਕਿਉਂ ਇਹ ਅੱਖ ਰੋਈ ਸੀ
ਹੋਸਟਲ ਦੀਆਂ ਉਹਨਾਂ ਯਾਦਾਂ ਦੇ ਵਿੱਚ
ਇੱਕ ਵੱਖਰਾ ਹੀ ਆਨੰਦ ਹੈ ਛੁਪਿਆ
ਅਠੱਨੀ ਉੱਤੇ ਜੋ  ਪੈਰ ਸੀ ਰੱਖਦਾ
ਅਕਸਰ ਉਹ ਸੰਤੋਖ ਹੁੰਦਾ ਹੈ ਲੁੱਕਿਆ
ਕਿਵੇਂ ਭੁਲਾਵਾਂਗੇ ਉਹ ਯਾਰਾ
ਮਨ ਤੇ ਉੱਕਰੀਆਂ ਯਾਦਾਂ ਨੂੰ ਦੱਸ
ਤੇਰੀਆਂ ਗੱਲਾਂ ਨੂੰ ਯਾਦ ਕਰਕੇ
ਕਿੰਝ ਸਕਾਂਗੇ ਹੁਣ ਅਸੀਂ ਹੱਸ
ਹੁਣ ਜਦ ਵੀ ਤੂੰ  ਯਾਦ ਆਏਂਗਾ
 ਹਾਸੇ ਦੇ ਨਾਲ ਨਿਕਲੂਗਾ ਰੋਣਾ
ਖਾਰਾ ਹੰਝੂ ਬਹਿ  ਤੁਰੇਗਾ
ਸਿੱਲ੍ਹੀ ਅੱਖ  ਦਾ ਛੱਡ ਕੇ ਕੋਨਾ
ਪਤਾ ਨੀਂ ਕਦੋਂ ਮਿਲਾਪ ਹੋਣਗੇ
ਹੋਣਗੇ ਵੀ ਕ ਹੈ ਇਹ ਆਸ ਅਧੂਰੀ
ਸਭ ਕੁਝ ਛੱਡ ਕੇ ਅੱਧਵਿਚਕਾਰੇ
ਤੂੰ ਤਾਂ ਕਰ ਗਿਆਂ ਜਿੰਦਗੀ ਪੂਰੀ
ਜਿੱਥੇ  ਵੀ ਜਾਵੇਂਗਾ ਖੁਸ਼ੀਆਂ ਹੀ ਵੰਡੇਂਗਾ
ਮਾੜਾ ਕਿਸੇ ਦਾ ਤੂੰ ਕਰ ਨੀ ਸਕਦਾ
ਜਿਹੜਾ ਪਾੜਾ  ਤੂੰ ਪਿੱਛੇ ਖਾਲੀ ਕਰ ਗਿਆਂ
ਹੋਰ ਕਿਸੇ ਨਾਲ ਇਹ ਭਰ ਨੀ ਸਕਦਾ
ਹਰ ਜੀ 28/07/2017

ਹੋਂਦ

ਹੋਂਦ 

ਸਾਲ  ਹੋ ਗਿਆ 
ਤੈਨੂੰ  ਇਥੋਂ ਗਏ ਨੂੰ 
ਬਹੁਤ ਕੁਝ 
ਬਦਲ ਗਿਆ 
ਤੇਰੇ 
ਜਾਣ ਤੋਂ ਬਾਅਦ 
ਘਰ ਦਾ ਮਹੌਲ 
ਤੇਰਾ ਕਮਰਾ 
ਗੱਲਾਂ ਬਾਤਾਂ 

ਹਾਂ ਤੇਰੇ 
ਜਾਣ  ਤੋਂ ਬਾਅਦ 
ਕੁਝ ਰਿਸ਼ਤਿਆਂ ਚ 
ਤਰੇੜਾਂ ਵੀ ਆਗੀਆਂ 
ਕੁਝ ਬੂਟੇ ਜਿਹੜੇ
ਤੇਰੀ ਸੰਘਣੀ ਛਾੰ
ਹੇਠਾਂ ਕੋਮਲ ਤੇ
ਮਿਠਾਸ ਭਰੇ ਸਨ 
ਹੁਣ ਉਹਨਾਂ ਦੇ 
ਸੂਲਾਂ ਵੀ 
ਉੱਗ ਆਈਆਂ 
ਤੇ ਫਲ ਵੀ 
ਕੌੜੇ ਹੋ ਗਏ 
ਲਗਦੇ ਨੇ 

ਪਰ ਕੀ  ਮੈਂ 
ਤੇਰੀ  ਦੇਹ ਨੂੰ 
ਦਾਗ ਲਾਕੇ 
ਤੇਰੇ ਫੁੱਲਾਂ ਨੂੰ  
ਪਾਣੀ ਚ ਬਹਾ  ਕੇ 
ਤੇਰਾ ਭੋਗ ਪਾਕੇ 
ਕਬੀਲੇ ਨੂੰ 
ਰੋਟੀ ਖਵਾ ਕੇ 
ਤੇਰਾ  ਸਮਾਨ
ਲੋੜਵੰਦਾਂ ਨੂੰ ਦੇ ਕੇ 
ਘਰ ਚ ਸਿਰਫ 
ਤੇਰੀ  ਫੋਟੋ ਲਾਕੇ 
ਤੇਰੀ ਹੋਂਦ ਨੂੰ 
ਮਿਟਾ  ਸਕਿਆ 

ਸ਼ਾਇਦ ਨਹੀਂ 
ਕਿਉਂ ਕਿ ਅੱਜ ਵੀ 
ਮੇਰੇ ਕੰਨਾਂ ਚ 
ਤੇਰੀ ਅਵਾਜ ਪੈਂਦੀ ਹੈ 
ਤੇ ਮੈਂ ਭੱਜ ਕੇ 
ਤੇਰੇ ਕਮਰੇ ਚ ਜਾਨਾ 
ਤੇਰੇ  ਨਾਲ  
ਖੁਦ ਦੀ ਹੋਂਦ ਨੂੰ 
ਜੁੜੀ ਮਹਿਸੂਸ ਕਰਦਾਂ 
ਮਨ ਨੂੰ 
ਤਸੱਲੀ ਹੁੰਦੀ 
ਕਿ ਤੇਰੀ ਹੋਂਦ 
ਮੇਰੇ ਜਿਉਂਦੇ ਜੀ 
ਖਤਮ ਨੀ ਹੋ ਸਕਦੀ 
ਯਾਰ ਬਾਪੂ 

ਹਰ ਜੀ ੦੯/੦੮/੨੦੧੭

ਸੌਦਾ ਸਾਧ

ਕਾਹਤੋਂ ਬਾਬਿਆ ਦੱਸ ਤੂੰ ਡਰੀ ਜਾਨਾਂ
ਨਾਲ ਰੱਬ ਦੇ ਸਿੱਧੀ ਹੈ ਗੱਲ ਤੇਰੀ
ਛੱਡ ਸਰਸਾ ਗੁਫਾ ਚੋ ਬਾਹਰ ਆਕੇ
ਚੰਡੀਗੜ੍ਹ ਦੀਆੰ ਸੜਕਾਂ ਤੇ ਲਾ ਗੇੜੀ

ਖ਼ੁਦ ਹੁਣ ਵਰਤਕੇ ਦਿਖਾ ਉਹ ਨਾਮ ਮੰਤਰ
ਜਿਹੜਾ ਪ੍ਰੇਮੀਆਂ ਨੂੰ ਨਿੱਤ ਵੰਡਦਾੰ ਏੰ
ਵੜਜਾ ਤਾਣ ਕੇ ਹਿੱਕ ਨੂੰ ਵਿੱਚ ਕਚਹਿਰੀ
ਕਿਹੜੀ ਗੱਲੋਂ ਤੂੰ ਹੁਣ ਪਿਆਂ ਸੰਗਦਾੰ ਏੰ

ਜੇਕਰ ਕੀਤਾ ਨੀ ਤੂੰ ਕੁਕਰਮ ਕੋਈ
ਖ਼ੌਫ਼ ਕਿਹੜੀ ਸਜ਼ਾ ਦੇ ਫੇਰ ਤੈਨੂੰ
ਖ਼ੁਦ ਨੂੰ ਵਿੱਚ ਕਚਹਿਰੀ ਨੀ ਬਚਾ ਸਕਦਾ
ਕਿਹੜੀ ਸ਼ਕਤੀ ਦੀ ਫੇਰ ਘਮੇਰ ਤੈਨੂੰ

ਵਕਤ ਪਾਇਆ ਤਿੰਨ ਚਾਰ ਸੂਬਿਆਂ
ਕਮਲੇ ਲੋਕਾਂ ਨੂੰ ਢਾਲ੍ਹ ਬਣਾ ਕੇ ਤੂੰ
ਕੀ ਖੱਟੇੰਗਾ ਇਸ ਸਾਰੀ ਖੇਡ ਵਿੱਚੋਂ
ਪੁਲਿਸ ਹੱਥੋਂ ਪ੍ਰੇਮੀ ਕੁਟਾ ਕੇ ਤੂੰ

ਅਮਨ ਕਨੂੰਨ ਨੂੰ ਕਿਊੰ ਭੰਗ ਕਰਨ ਲਈ
ਪਰੇਮੀ ਆਪਣਿਆਂ ਨੂੰ ਤੂੰ ਉਸਕਾ ਰਿਹਾੰ ਏੰ
ਬਚੇਖੁਚੇ ਨੇ ਜਿਹੜੇ ਸਾਹ ਪੰਜਾਬ ਅੰਦਰ
ਹੁਣ ਤੂੰ ਉਹਨਾ ਨੂੰ ਵੀ ਸੁੱਕਣੇ ਪਾ ਰਿਹਾ ਏੰ

ਫੈਸਲਾ ਜੋ ਵੀ ਹੋਵੇਗਾ ਮੰਨ ਸਿਰ ਮੱਥੇ
ਇੱਜ਼ਤ ਕਨੂੰਨ ਦੀ ਕਰਨੀ ਸਿਖਾ ਸਭ ਨੂੰ
ਹੋ ਜਾ ਪੇਸ਼ ਕਚਹਿਰੀ ਚ ਜਾ ਕੱਲਾ
ਲੀਡਰਸ਼ਿਪ ਹੁਣ ਵੀ ਦਿਖਾ ਸਭ ਨੂੰ

ਹਰਜੀ ੨੪/੦੮/੨੦੧੭

ਬਾਬਾ ਦੀ ਸੁਰੱਖਿਆ

ਬਾਬੇ ਨੂੰ ਮਿਲਗੀ ਜੈੱਡ ਤੋਂ ਅਗਲੀ ਸੁਰੱਖਿਆ
ਕਈ ਦਿਨ ਤੱਕ ਇਹ ਚੱਲੂ ਹੁਣ ਸਮਿੱਖਿਆ
ਕੌਣ ਹੈ ਜ਼ੁੰਮੇਵਾਰ ਇਹ ਸਭ ਕੁੱਝ ਦਾ
ਸੱਚੇ ਸੌਦੇ ਵਾਲਾ ਲੱਗੇ ਦੀਵਾ ਬੁੱਝਦਾ
ਮਰਗੇ ਜ਼ਿਹਨਾਂ ਦੇ ਸਾਰੀ ਉਮਰ ਰੋਣਗੇ
ਕਦੇ ਵੀ ਨਹੀਂ ਨੀਂਦ ਸੁੱਖ ਦੀ ਉਹ ਸੌਣਗੇ
ਮੂਰਖਾੰ ਦਾ ਟੋਲਾ ਭੇਡ ਚਾਲ ਕਰਦਾ
ਭਾਵੇਂ ਅਪਣੀ ਆਈ ਤੇ ਹਰ ਕੋਈ ਮਰਦਾ
ਸਾਧ ਦਾ ਕੀ ਗਿਆ ਮਰੇ ਤਾੰ ਗਰੀਬ ਨੇ
ਥੋਡੇ ਅਤੇ ਮੇਰੇ ਜਿਹੜੇ ਕਰੀਬ ਨੇ
ਸਾੜਤੀਆੰ ਕਾਰਾ ਮੋਟਰਾਂ ਤੇ ਗੱਡੀਆਂ
ਖ਼ਾਮ ਖਾਹ ਹੀ ਕਈਆੰ ਦੇ ਡਾੰਗਾੰਵੱਜੀਆੰ
ਸੂਬੇ ਸਰਕਾਰਾਂ ਨੂੰ ਹੈ ਵਕਤ ਪੈ ਗਿਆ
ਲਗਦਾ ਖੱਟੜ ਦੇ ਜੜੀੰ ਬਾਬਾ ਬਹਿ ਗਿਆ
ਧੰਨ ਧਨ ਧੰਨੋ ਵਾਲੀ ਗੱਲ ਸਾਧ ਦੀ
ਲੁਆਤੀ ਹੁਣ ਪਿੱਠ ਬੱਕਰੀ ਨੇ ਬਾਘ ਦੀ
ਵਹਿਮਾਂ ਤੇ ਪਖੰਡਾੰ ਦਾ ਖੂਬ ਬੋਲਵਾਲਾ ਹੈ
ਪੈਸੇ ਦੀ ਹੋੜ ਮਾਰਿਆ ਅੰਕਲ ਤੇ ਤਾਲਾ ਹੈ
ਹਰ ਚੀਜ਼ ਅੱਜ ਤਾਂ ਵਪਾਰ ਬਣ ਗਈ
ਗੁੰਡਿਆੰ ਦੀ ਹਰ ਸੂਬੇ ਸਰਕਾਰ ਬਣ ਗਈ
ਵੋਟਾਂ ਜਦੋਂ ਪਾਉਨੇ ਆੰ ਚੌਧਰੀ ਘੜੰਮ ਨੂੰ
ਦੇਨੇ ਆੰ ਬੜ੍ਹਾਵਾ ਡੇਰੇ ਵਾਲੇ ਕੰਮ ਨੂੰ
ਸ਼ੋਸ਼ਣ ਹੁੰਦਾ ਹੈ ਸਦਾ ਲੋੜਵੰਦ ਦਾ
ਕਦੇ ਕਦੇ ਭਾੰਡਾ ਫੁੱਟਦਾ ਪਖੰਡ ਦਾ
ਅੱਜ ਤੱਕ ਰੱਬ ਨਾੰ ਕਿਸੇ ਨੂੰ ਮਿਲਿਆ
ਹਾੰ ਬਾਬਿਆੰ ਦਾ ਧੰਦਾ ਵਧਿਆ ਤੇ ਫੁੱਲਿਆ

ਹਰ ਜੀ ੨੫/੦੮/੨੦੧੭